ਰਾਜਾਸਾਂਸੀ, 23 ਦਸੰਬਰ -ਪਿਛਲੇ ਦਿਨੀਂ ਜਾਰਜੀਆ ’ਚ ਹੋਏ ਇਕ ਦਰਦਨਾਕ ਹਾਦਸੇ ’ਚ ਮਾਰੇ ਗਏ 11 ਪੰਜਾਬੀ ਨੌਜਵਾਨਾਂ ’ਚੋਂ 4 ਦੇ ਮ੍ਰਿਤਕ ਸਰੀਰ ਅੱਜ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੇ, ਜਿਨ੍ਹਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਭੇਜੀਆਂ ਗਈਆਂ ਐਂਬੂਲੈਂਸਾਂ ਰਾਹੀਂ ਉਨ੍ਹਾਂ ਦੇ ਘਰਾਂ ਨੂੰ ਭੇਜਿਆ ਗਿਆ।
ਇਸ ਸਬੰਧੀ ਡਾ. ਓਬਰਾਏ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਯਤਨਾਂ ਸਦਕਾ ਜਾਰਜੀਆ ਹਾਦਸੇ ’ਚ ਮਾਰੇ ਗਏ 11 ਪੰਜਾਬੀ ਨੌਜਵਾਨਾਂ ’ਚੋਂ 4 ਨੌਜਵਾਨ, ਜਿਨ੍ਹਾਂ ’ਚ ਨਨਾਣ/ਭਰਜਾਈ ਅਮਰਿੰਦਰ ਕੌਰ ਤੇ ਮਨਿੰਦਰ ਕੌਰ ਤੋਂ ਇਲਾਵਾ ਗਗਨਦੀਪ ਸਿੰਘ ਤੇ ਵਰਿੰਦਰ ਸਿੰਘ ਸ਼ਾਮਲ ਸਨ, ਦੇ ਮ੍ਰਿਤਕ ਸਰੀਰ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੇ ਹਨ।
ਉਨ੍ਹਾਂ ਦੱਸਿਆ ਕਿ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜ਼ਿਲਾ ਪ੍ਰਧਾਨ ਸਿਸ਼ਪਾਲ ਸਿੰਘ ਲਾਡੀ, ਜ਼ਿਲਾ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਤੇ ਖ਼ਜ਼ਾਨਚੀ ਨਵਜੀਤ ਸਿੰਘ ਘਈ ਨੇ ਜਿੱਥੇ ਹਵਾਈ ਅੱਡੇ ’ਤੇ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ, ਉੱਥੇ ਹੀ ਟਰੱਸਟ ਦੀਆ ਐਂਬੂਲੈਂਸਾਂ ਰਾਹੀਂ ਸਾਰੇ ਮ੍ਰਿਤਕ ਸਰੀਰ ਉਨ੍ਹਾਂ ਦੇ ਘਰਾਂ ਤੱਕ ਭੇਜੇ ਗਏ।
