ਬਠਿੰਡਾ ਵਿਖੇ ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਐੱਨ. ਐੱਫ. ਐੱਲ. ਗੇਟ ਨੰਬਰ-1 ਨੇੜੇ ਇਕ ਵਕੀਲ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਐਡਵੋਕੇਟ ਯਸ਼ ਕਰਵਾਸਰਾ ਅਦਾਲਤ ਦੇ ਅਹਾਤੇ ਵਿਚ ਆਪਣਾ ਕੰਮ ਨਿਪਟਾ ਕੇ ਮੋਟਰਸਾਈਕਲ ’ਤੇ ਘਰ ਪਰਤ ਰਹੇ ਸਨ।
ਇਸ ਦੌਰਾਨ ਕਾਰ ’ਚ ਆਏ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਵਕੀਲ ਨੂੰ ਦੋ ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਨੂੰ ਇਲਾਜ ਲਈ ਤੁਰੰਤ ਸਥਾਨਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਥਰਮਲ ਅਤੇ ਜ਼ਿਲਾ ਅਧਿਕਾਰੀ ਹਰਕਤ ’ਚ ਆ ਗਏ ਅਤੇ ਇਲਾਕੇ ਦੀ ਨਾਕਾਬੰਦੀ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਐੱਸ. ਐੱਸ. ਪੀ. ਅਮਨੀਤ ਕੌਂਡਲ ਵੀ ਮੌਕੇ ’ਤੇ ਪੁੱਜੇ ਅਤੇ ਜਾਂਚ ਕੀਤੀ ਅਤੇ ਸੀ. ਆਈ. ਏ. ਸਟਾਫ ਨੂੰ ਜਾਂਚ ਦੇ ਹੁਕਮ ਦਿੱਤੇ। ਜ਼ਖਮੀ ਵਕੀਲ ਯਸ਼ ਦਾ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਸ ਇਸ ਗੱਲ ਦੀ ਜਾਂਚ ’ਚ ਜੁਟੀ ਹੋਈ ਹੈ ਕਿ ਵਕੀਲ ’ਤੇ ਹਮਲਾ ਕਰਨ ਵਾਲੇ ਕੌਣ ਲੋਕ ਸਨ ਅਤੇ ਉਨ੍ਹਾਂ ਨੇ ਗੋਲੀਆਂ ਕਿਉਂ ਚਲਾਈਆਂ।
